ਗੁਮਰਾਹ ਹੋਏ ਸਿੱਖ ਨੌਜਵਾਨਾਂ ਪ੍ਰਤੀ ਤਵੱਜੋ ਦੇਣ ਦੀ ਲੋੜ

Spread the love

 

ਅੰਮ੍ਰਿਤਸਰ 8 ਅਪ੍ਰੈਲ (ਪਵਿੱਤਰ ਜੋਤ) : ਭਾਜਪਾ ਸਿੱਖ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ : ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਪੰਜਾਬ ਵਿਚ ਵਾਪਰ ਰਹੀਆਂ ਚਿੰਤਾਜਨਕ ਘਟਨਾਵਾਂ ਨਾਲ ਇਕ ਵਾਰ ਫਿਰ ਕਾਲੇ ਦਿਨਾਂ ਦੀ ਆਹਟ ਸੁਣਾਈ ਦੇ ਰਹੀ ਹੈ। ਖ਼ਾਲਿਸਤਾਨੀ ਅਰਾਜਕਤਾ ਇੱਕ ਵਾਰ ਫਿਰ ਸਾਡੇ ਬਰੂੰਹਾਂ ਵਲ ਝਾਕ ਰਹੀ ਹੈ। ਵਿਦੇਸ਼ੀ ਤਾਕਤਾਂ ਦੀ ਸ਼ਹਿ ’ਤੇ ਸਿੱਖ ਨੌਜਵਾਨਾਂ ਵਿਚ ਕੱਟੜਪੰਥੀ ਜਨੂਨ ਪੈਦਾ ਕਰਨ ਤੋਂ ਇਲਾਵਾ ਲੋਕਾਂ ਵਿਚ ਖੌਫ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸਿਆਸੀ ਲੀਡਰਸ਼ਿਪ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਹੁੱਲੜਬਾਜ਼ਾਂ ਅੱਗੇ ਆਤਮਸਮਰਪਣ ਦਾ ਵਤੀਰਾ ਵੀ ਦੇਸ਼ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਦੇ ਲਿਹਾਜ਼ ਨਾਲ ਸਾਰਥਿਕ ਕਦਮ ਨਹੀਂ ਸੀ, ਤਾਂ ਹੁਣ ਭਾਰੀ ਗਿਣਤੀ ’ਚ ਨਿਰਦੋਸ਼ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਵੀ ਜਾਇਜ਼ ਨਹੀਂ ਹਨ।
ਉਹਨਾਂ ਕਿਹਾ ਕਿ ਕਰੀਬ ਤਿੰਨ ਦਹਾਕਿਆਂ ਤੱਕ ਪੰਜਾਬ ’ਚ ਸ਼ਾਂਤੀ ਬਣੀ ਰਹੀ, ਪਰ ਕੇਂਦਰ ਸਰਕਾਰ ਵੱਲੋਂ ਕਸ਼ਮੀਰ ਵਿਚੋਂ ਧਾਰਾ 370 ਦਾ ਖ਼ਾਤਮਾ ਕਰਦਿਆਂ ਪਾਕਿਸਤਾਨ ਸਮਰਥਕ ਅਤਿਵਾਦ ਨੂੰ ਉੱਥੋਂ ਖਦੇੜ ਦਿੱਤੇ ਜਾਣ ਨਾਲ ਹੁਣ ਪਾਕਿਸਤਾਨ ਦੀ ਏਜੰਸੀ ਆਈਐਸਆਈ ਦਾ ਸਾਰਾ ਧਿਆਨ ਇਕ ਵਾਰ ਫਿਰ ਪੰਜਾਬ ਵਿਚ ਅਰਾਜਕਤਾ ਪੈਦਾ ਕਰਨ ’ਤੇ ਕੇਂਦਰਿਤ ਹੋ ਗਿਆ ਹੈ। ਪੰਜਾਬ ਦੇ ਗੁਮਰਾਹ ਹੋਏ ਮੁਠੀਭਰ ਨੌਜਵਾਨ ਪਾਕਿਸਤਾਨ ਵੱਲੋਂ ਭਾਰਤ ਵਿਰੋਧੀ ਲਿਖੀ ਕੇ ਦਿੱਤੀ ਗਈ ਸਕਰਿਪਟ ’ਤੇ ਆਪਣੀ ਭੂਮਿਕਾ ਨਿਭਾਉਣ ’ਚ ਲੱਗੇ ਹੋਏ ਹਨ। ਉਹ ਸ਼ਬਦੀ ਕਲੋਲਾਂ ਨਾਲ ਖ਼ਾਲਿਸਤਾਨੀ ਬਿਰਤਾਂਤ ਮੁੜ ਸਿਰਜਦਿਆਂ ਨੌਜਵਾਨ ਮਨਾਂ ਨੂੰ ਭਰਮਾਉਣ ਦੀ ਪੂਰੀ ਕੋਸ਼ਿਸ਼ ਕਰਦਿਆਂ ਮੀਡੀਆ ਅਤੇ ਬੇਲਗ਼ਾਮ ਸੋਸ਼ਲ ਮੀਡੀਆ ਨੂੰ ਹਥਿਆਰ ਵਜੋਂ ਵਰਤ ਰਹੇ ਹਨ। ਨਸ਼ਾ ਛਡਾਊ ਕੇਂਦਰਾਂ ਦੀ ਆੜ ਵਿਚ ਸਾਡੇ ਭੋਲੇ ਭਾਲੇ ਨੌਜਵਾਨਾਂ ਦਾ ਬਰੇਨਵਾਸ਼ ਕੀਤੇ ਜਾਣ ਦੀਆਂ ਵੀ ਖ਼ਬਰਾਂ ਹਨ। ਸਿਧਾਂਤਕ ਖ਼ਾਮੀਆਂ ਅਤੇ ਡੂੰਘੀ ਸੋਚ ਵਿਚਾਰ ਤੋਂ ਸੱਖਣੇ ਹੋਣ ਕਾਰਨ ਹੁਣ ਵੀ ਨੌਜਵਾਨ ਗੁਮਰਾਹ ਅਤੇ ਭਟਕਣ ਦਾ ਸ਼ਿਕਾਰ ਹੋ ਰਹੇ ਹਨ। ਇੱਥੇ ਕੁਝ ਭਾਰਤੀ ਮੀਡੀਆ ਵੱਲੋਂ ਖ਼ਾਲਿਸਤਾਨ ਨੂੰ ਹਊਆ ਬਣਾ ਕੇ ਝੱਖ ਮਾਰਨ ਦੀ ਬਿਰਤੀ ਵੀ ਹੈਰਾਨ ਕਰਨ ਵਾਲੀ ਰਹੀ ਹੈ। ਦੇਸ਼ ਵਿਰੋਧੀ ਤਾਕਤਾਂ ਵੱਲੋਂ ਸਿਰਜੇ ਗਏ ਬਿਰਤਾਂਤ ਨੂੰ ਅਕਾਰ ਦੇਣ ਵਾਲੇ ਨੌਜਵਾਨਾਂ ਵਿਚ ਵਿਚਾਰਧਾਰਕ ਤੇ ਸਿਧਾਂਤਕ ਕਚਿਆਈ ਦਾ ਸਾਹਮਣੇ ਆਉਣਾ ਇਹ ਸਪਸ਼ਟ ਕਰਦਾ ਹੈ ਕਿ ਉਹ ਜੋ ਵੀ ਜਿਸ ਆਈਐੱਸਆਈ ਤੋਂ ਗ੍ਰਹਿਣ ਕਰ ਰਹੇ ਹਨ, ਉਹ ਸਿੱਖੀ ਸਿਧਾਂਤਾਂ ਤੋਂ ਕੋਰੇ ਹਨ। ਫਿਰ ਵੀ ਆਈਐਸਆਈ ਵੱਲੋਂ ਸਿੱਖਿਅਤ ਖ਼ਾਲਿਸਤਾਨੀ ਤੱਤ ਸਿੱਖ ਨੌਜਵਾਨਾਂ ਦਾ ਅਜਿਹਾ ਬਰੇਨਵਾਸ਼ ਕਰਨ ’ਚ ਲੱਗੇ ਹੋਏ ਹਨ, ਜਿਸ ਨਾਲ ਨੌਜਵਾਨੀ ਬਿਨਾ ਕਿਸੇ ਡੂੰਘੀ ਸੋਚ ਸਮਝ ਦੇ ਖ਼ਾਲਿਸਤਾਨ ਦਾ ਸਮਰਥਨ ਕਰਨ ਲੱਗ ਪੈਂਦੇ ਹਨ। ਸਿੱਖ ਨੌਜਵਾਨਾਂ ਨੂੰ ਇਹ ਵਿਸ਼ਵਾਸ ਕਰਨ ਲਈ ਬਰੇਨਵਾਸ਼ ਕੀਤਾ ਜਾ ਰਿਹਾ ਹੈ ਕਿ ਗਰਮ-ਖ਼ਿਆਲੀ ਤੱਤ ਸਿੱਖ ਧਰਮ ਦੇ ਦੁਸ਼ਮਣਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਸਿੱਖ ਨੌਜਵਾਨਾਂ ਨੂੰ ਭਰਮਾਉਣ ਲਈ ਉਨ੍ਹਾਂ ਦੇ ਮੱਧਮ ਭਵਿੱਖ ਦੀ ਕਾਲਪਨਿਕ ਤਸਵੀਰ ਦਿਖਾਈ ਜਾਂਦੀ ਹੈ ਅਤੇ ਅਨਿਸ਼ਚਿਤਤਾ ਨੂੰ ਮਹਿਸੂਸ ਕਰਾਉਂਦਿਆਂ ਉਨ੍ਹਾਂ ਅੱਗੇ ਝੂਠੀ ਬਿਰਤਾਂਤ ਨੂੰ ਅਜਿਹਾ ਸਿਰਜ ਕੇ ਪਰੋਸਿਆ ਜਾਂਦਾ ਹੈ ਜਿਵੇਂ ਕਿ ਭਵਿੱਖ ਦੀ ਸਤਾ ਉਨ੍ਹਾਂ ਦੇ ਹੱਥਾਂ ਵਿਚ ਹੀ ਹੋਵੇਗੀ। ਰਾਤੋਂ ਰਾਤ ਪੰਜਾਬ ਭਾਰਤ ਨਾਲੋਂ ਕੱਟ ਕੇ ਇਕ ਨਵੇਂ ਦੇਸ਼ ਵਜੋਂ ਦੁਨੀਆ ਦੇ ਨਕਸ਼ੇ ’ਤੇ ਆ ਜਾਵੇਗਾ। ਭਾਰਤ ਦੇ ਸਿੱਖ ਹੁਣ ਅਜ਼ਾਦੀ ਤੋਂ ਵਾਂਝੇ ਨਹੀਂ ਰਹਿਣਗੇ, ਆਦਿ ਆਦਿ। ਸੁਭਾਵਕ ਹੈ, ਇਸ ਨਾਲ ਨੌਜਵਾਨ ਬੇਚੈਨ ਹੋ ਉੱਠਦੇ ਹਨ। ਉਹ ਬੇਰੁਜ਼ਗਾਰੀ ਅਤੇ ਲਾਵਾਰਸੀ ਦੀ ਹਾਲਤ ਵਿਚ ਆਪਣੇ ਆਪ ਨੂੰ ਉਨ੍ਹਾਂ ਤੱਤਾਂ ਨੂੰ ਸੌਂਪ ਦਿੰਦੇ ਹਨ, ਜਿਨ੍ਹਾਂ ਵਿਚੋਂ ਬਹੁਤਿਆਂ ਨੂੰ ਤਾਂ ਸਿੱਖੀ ਸਿਧਾਂਤ ਬਾਰੇ ਜਾਣੂ ਹੀ ਨਹੀਂ ਹਨ। ਉਹ ਕੋਈ ਅਨੁਸ਼ਾਸਨ ਕੋਈ ਨਿਯਮ ਨਹੀਂ ਮੰਨਦੇ। ਭਟਕਣ ਦੀ ਸਥਿਤੀ ਵਿਚ ਇਹ ਲੋਕ ਦੂਜਿਆਂ ਦੇ ਇਸ਼ਾਰੇ ’ਤੇ ਆਪਣਿਆਂ ਅਤੇ ਸਥਾਪਤੀ ਦਾ ਹੀ ਵਿਰੋਧ ਕਰ ਰਹੇ ਹੁੰਦੇ ਹਨ।
ਕੁਝ ਮਹੀਨਿਆਂ ਤੋਂ ਦੇਖਿਆ ਗਿਆ ਹੈ ਕਿ ਬਾਹਰੀ ਤਾਕਤਾਂ ਦੇ ਇਸ਼ਾਰੇ ’ਤੇ ਕੁਝ ਤੱਤ ਸਿੱਖ ਸਰੋਕਾਰਾਂ ਨਾਲ ਸੰਬੰਧਿਤ ਸੰਵੇਦਨਸ਼ੀਲ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਕਿਸੇ ਨਾ ਕਿਸੇ ਤਰਾਂ ਉਕਸਾ ਰਹੀਆਂ ਹਨ। ਪੰਥਕ ਦਿੱਖ ਧਾਰਨ ਕਰਦਿਆਂ ਸਿੱਖ ਨੌਜਵਾਨਾਂ ਨੂੰ ਪਾਕਿਸਤਾਨ ਦੀਆਂ ਇੱਛਾਵਾਂ ਦੀ ਪੂਰਤੀ ਲਈ ਆਪਣਿਆਂ ਵਿਰੁੱਧ ਹੀ ਸੰਦ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੰਜਾਬ ਦੀ ਜਵਾਨੀ ਨੂੰ ਬਰੇਨਵਾਸ਼ ਕਰਨ ਲਈ ਇਨ੍ਹਾਂ ਹੀ ਕਹਿ ਕੇ ਉਕਸਾਉਣ ਕਾਫ਼ੀ ਹੈ ਕਿ ’ਅਸੀਂ ਗ਼ੁਲਾਮ ਹਾਂ’, ’ਸਾਡੀ ਨਸਲਕੁਸ਼ੀ ਹੋ ਰਹੀ ਹੈ’, ’ਸਿੱਖ ਵੱਖਰੀ ਕੌਮ ਹੈ’ ’ਸਿੱਖ ਧਰਮ ਖ਼ਤਰੇ ਵਿਚ ਹੈ’, ’ਸਾਡੀਆਂ ਧੀਆਂ ਭੈਣਾਂ ਦੀ ਬੇਪਤੀ’ ਹੋ ਰਹੀ ਹੈ ਆਦਿ। ਅਸਲ ਵਿਚ ਦੇਸ਼ ਵਿਰੋਧੀ ਤਾਕਤਾਂ ਨੇ ਨੌਜਵਾਨਾਂ ਦੇ ਮਨਾਂ ਨੂੰ ਭੜਕਾਊ ਬਿਆਨਾਂ ਨਾਲ ਪ੍ਰਭਾਵਿਤ ਕਰਨ ਲਈ ਝੂਠ ਨੂੰ ਮਨੋਵਿਗਿਆਨਕ ਹਥਿਆਰ ਵਜੋਂ ਵਰਤਿਆ ਹੈ, ਜੋ ਝੂਠ ਨੂੰ ਸੱਚ ਕਰਨ ਲਈ 100 ਵਾਰ ਦੁਹਰਾਇਆ ਜਾਂਦਾ ਹੈ। ਦੇਸ਼ ਵਿਰੋਧੀ ਤੇ ਵਿਦੇਸ਼ੀ ਤਾਕਤਾਂ ਇਸ ਕੰਮ ਲਈ ਧਾਰਮਿਕ ਸਮਾਗਮਾਂ ਅਤੇ ਸੋਸ਼ਲ ਮੀਡੀਆ ਦੀ ਰੱਜ ਕੇ ਵਰਤੋਂ ਕਰ ਰਹੀਆਂ ਹਨ। ਖ਼ਾਲਿਸਤਾਨ ਦੇ ਸਮਰਥਕਾਂ ਦੇ ਬਹੁਤੇ ਅਕਾਊਂਟ ਪਾਕਿਸਤਾਨ ਤੋਂ ਤਿਆਰ ਕੀਤੇ ਜਾਂਦੇ ਹਨ ਅਤੇ ਯੂ ਕੇ, ਕੈਨੇਡਾ ਅਮਰੀਕਾ ਤੋਂ ਚਲਾਏ ਜਾ ਰਹੇ ਹਨ। ਇਨ੍ਹਾਂ ਵਿਚ ਭਾਰਤ ਵਿਚ ਸਿੱਖਾਂ ਦੇ ਦਮਨ ਦੀਆਂ ਝੂਠੀਆਂ ਤਸਵੀਰਾਂ ਅੱਪਲੋਡ ਕੀਤੀਆਂ ਜਾ ਰਹੀਆਂ ਹਨ। ਉਹ ਝੂਠ ਦੀ ਉਸ ਬੁਨਿਆਦ ’ਤੇ ਮਹਿਲ ਉਸਾਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਨਾਲ 18 ਤੋਂ 25 ਸਾਲ ਤਕ ਦੇ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਪੰਜਾਬ ਦੀ ਨੌਜਵਾਨੀ ਨੂੰ ਉਕਸਾਉਣ ਤੇ ਭੜਕਾਉਣ ਲਈ ਤਾਂ ਇਸ ਦੀ ਧਰਾਤਲ ਵਿਚ ਪਹਿਲਾਂ ਤੋਂ ਹੀ ਉਹ ਮੁੱਦੇ ਮੌਜੂਦ ਹਨ ਜਿਨ੍ਹਾਂ ਕਾਰਨ ਅੱਸੀ ਦੇ ਦਹਾਕੇ ’ਚ ਖਾੜਕੂਵਾਦ ਦਾ ਆਗਾਜ਼ ਹੋਇਆ ਸੀ। ਇਨ੍ਹਾਂ ਮੁੱਦਿਆਂ ਨੂੰ ਮੁੜ ਉਛਾਲਨ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਬੰਦੀ ਸਿੰਘਾਂ ਦੀ ਰਿਹਾਈ, ਧਰਮ ਪਰਿਵਰਤਨ, ਮਾਫ਼ੀਆ ਅਤੇ ਗੈਂਗਸਟਰ ਕਲਚਰ ਦਾ ਵਾਧਾ, ਨੌਜਵਾਨੀ ਦਾ ਭਾਰੀ ਗਿਣਤੀ ਵਿਚ ਵਿਦੇਸ਼ਾਂ ਨੂੰ ਪਲਾਇਨ ਕਰਨਾ, ਬੇਰੁਜ਼ਗਾਰੀ ਅਤੇ ਨਸ਼ਿਆਂ ਨਾਲ ਨੌਜਵਾਨੀ ਦੀ ਹੋਣੀ ਆਦਿ ਮੁੱਦੇ ਵੀ ਵਿਆਪਕ ਰੂਪ ਵਿਚ ਹਨ । ਉਹ ਇਨ੍ਹਾਂ ਸਭ ਲਈ ਹਕੂਮਤ ਨੂੰ ਦੋਸ਼ੀ ਗਰਦਾਨਦੇ ਹਨ, ਅਤੇ ਇਨ੍ਹਾਂ ਸਭ ਦਾ ਇੱਕੋ ਇਕ ਹੱਲ ਉਹ ਵੱਖਰਾ ਰਾਜ ਖ਼ਾਲਿਸਤਾਨ ਤਸੱਵਰ ਕਰਦੇ ਹਨ। ਜਿਵੇਂ ਖ਼ਾਲਿਸਤਾਨ ਦੀ ਸਿਰਜਣਾ ਨਾਲ ਉਨ੍ਹਾਂ ਨੂੰ ਆਪਣੇ ਸਾਰੇ ਦੁੱਖਾਂ ਤਕਲੀਫ਼ਾਂ ਤੋਂ ਛੁਟਕਾਰਾ ਮਿਲ ਜਾਵੇਗਾ। ਆਮ ਤੌਰ ’ਤੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਸ਼ਖ਼ਸੀਅਤ ਨੂੰ ਖ਼ਾਲਿਸਤਾਨ ਨਾਲ ਜੋੜਿਆ ਜਾਂਦਾ ਹੈ। ਉਨ੍ਹਾਂ ਵੱਲੋਂ ਕਹੀ ਗਈ ਇਹ ਗਲ ਕਿ ’ਜਦੋਂ ਸ੍ਰੀ ਦਰਬਾਰ ਸਾਹਿਬ ’ਤੇ ਅਟੈਕ ਹੋਵੇਗਾ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ’ ਦੀ ਵਾਰ ਵਾਰ ਵਰਤੋਂ ਕੀਤੀ ਜਾਂਦੀ ਹੈ। ਪਰ ਉਨ੍ਹਾਂ ਕੋਲ ਇਸ ਤੱਥ ਪ੍ਰਤੀ ਕੋਈ ਜਵਾਬ ਨਹੀਂ ਹੁੰਦਾ ਕਿ ਸੰਤ ਭਿੰਡਰਾਂਵਾਲਿਆਂ ਨੇ 1 ਜੂਨ ਤੋ 6 ਜੂਨ ਤਕ ਦੀ ਲੜਾਈ ਦੌਰਾਨ ਜਿਨ੍ਹਾਂ ਅਨੇਕਾਂ ਸਿੰਘਾਂ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਭੇਜਿਆ, ਉਨ੍ਹਾਂ ਵਿਚੋਂ ਕਿਸੇ ਨੇ ਵੀ ਬਾਹਰ ਆ ਕੇ ਖ਼ਾਲਿਸਤਾਨ ਦੀ ਨੀਂਹ ਰੱਖਣ ਬਾਰੇ ਸੰਤਾਂ ਦਾ ਸੁਨੇਹਾ ਕਿਸੇ ਨੂੰ ਕਿਉਂ ਨਹੀਂ ਦਿੱਤਾ?। ਇੱਥੋਂ ਤਕ ਕਿ ਖ਼ਾਲਿਸਤਾਨ ਐਲਾਨਨਾਮੇ ’ਤੇ ਦਸਤਖ਼ਤ ਕਰਨ ਕਰਕੇ ਇਕ ਅਕਾਲੀ ਆਗੂ ਜਿਸ ਨੂੰ ਬਾਬਾ ਠਾਕੁਰ ਸਿੰਘ ਜੀ ਨੇ ਬਾਹਰ ਦਾ ਰਸਤਾ ਦਿਖਾਇਆ ਸੀ, ਉਹ ਅੱਜ ਤਕ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਕਿਉਂ ਨਹੀਂ ਵੜ ਸਕਿਆ? ਦਰਅਸਲ ਹਕੀਕਤ ਇਹ ਹੈ ਕਿ ਸੰਤ ਭਿੰਡਰਾਂਵਾਲਿਆਂ ਦੀ ਲੜਾਈ ਅਨੰਦਪੁਰ ਸਾਹਿਬ ਮਤੇ ਦੀ ਪ੍ਰਾਪਤੀ, ਪੰਜਾਬ ਅਤੇ ਰਾਜਾਂ ਦੇ ਵਧ ਅਧਿਕਾਰਾਂ ਲਈ ਸੀ।
ਖ਼ਾਲਿਸਤਾਨ ਨੂੰ ਲੈ ਕੇ ਗੁਮਰਾਹਕੁਨ ਪ੍ਰਚਾਰ ਅੱਜ ਇਕ ਵਾਰ ਫਿਰ ਜ਼ੋਰਾਂ ’ਤੇ ਹੈ। ਨੌਜਵਾਨੀ ਨੂੰ ਨਸ਼ਾ ਛੱਡਣ ਅਤੇ ਅੰਮ੍ਰਿਤਪਾਨ ਕਰ ਕੇ ਸੀਸ ਭੇਟ ਕਰਨ ਭਾਵ ਸ਼ਹੀਦੀ ਦੇਣ ਲਈ ਉਕਸਾਇਆ ਜਾ ਰਿਹਾ ਹੈ। ਉਨ੍ਹਾਂ ਅੰਦਰ ਰਾਸ਼ਟਰ ਵਿਰਧੀ ਭਾਵਨਾ ਨੂੰ ਸੰਚਾਰ ਕਰਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਦੂਜੇ ਸ਼ਬਦਾਂ ਵਿਚ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਇੱਥੋਂ ਤਕ ਉਨ੍ਹਾਂ ਦਾ ਬਰੇਨਵਾਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਖ਼ੁਦ ਹੀ ਮਨੁੱਖੀ ਬੰਬ ਬਣਨਾ ਕਬੂਲ ਕਰ ਲੈਣ। ਇਹ ਲੋਕ ਆਪਣੇ ਮਕਸਦ ਲਈ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਵੱਲੋਂ ਵਰਤਣ ਤੋਂ ਵੀ ਗੁਰੇਜ਼ ਨਹੀਂ ਕਰਦੇ , ਆਪਣੇ ਕੀਤੇ ਨੂੰ ਸਹੀ ਸਿੱਧ ਕਰਨ ਲਈ ਉਨ੍ਹਾਂ ਪਰੰਪਰਾਵਾਂ ਦਾ ਹਵਾਲਾ ਦਿੰਦੇ ਹਨ, ਜਿਨ੍ਹਾਂ ਨਾਲ ਸਿੱਖ ਧਰਮ ਅਤੇ ਪਰੰਪਰਾ ਨਾਲ ਕੋਈ ਸਰੋਕਾਰ ਹੀ ਨਹੀਂ ਹੁੰਦਾ। ਇਸ ਤੋਂ ਇਲਾਵਾ ਗਰਮ ਖ਼ਿਆਲੀ ਤੱਤ ਫ਼ਿਰਕੂ ਧਰੁਵੀ ਕਰਨ ’ਤੇ ਜ਼ੋਰ ਦੇ ਕੇ ਸਿੱਖ ਨੌਜਵਾਨਾਂ ਵਿਚ ਨਫ਼ਰਤ ਦੀ ਰਾਜਨੀਤੀ ਨੂੰ ਭੜਕਾ ਰਹੇ ਹਨ। ਉਹ ਅਰਾਜਕਤਾ ਪੈਦਾ ਕਰਨ ਪ੍ਰਤੀ ਵਿਦੇਸ਼ੀ ਤਾਕਤਾਂ ਵੱਲੋਂ ਲਿਖੀ ਗਈ ਸਕਰਿਪਟ ’ਤੇ ਅਮਲ ਕਰਦਿਆਂ ਬਰਗਾੜੀ ਬੇਅਦਬੀ ਕਾਂਡ ਪ੍ਰਤੀ ਇਨਸਾਫ਼ ਦੇਣ ’ਚ ਆ ਰਹੀ ਢਿੱਲ ਦਾ ਫ਼ਾਇਦਾ ਚੁੱਕਦੇ ਹਨ, ਅਤੇ ਸਟੇਟ ਨਾਲ ਟਕਰਾਉਣ ਲਈ ਸਰਬੱਤ ਖ਼ਾਲਸਾ ਬੁਲਾਉਂਦਿਆਂ ਆਪਣੀ ਸਰਕਾਰ ਦੇ ਗਠਨ ਕਰਨ ਦਾ ਐਲਾਨ ਤਕ ਕਰ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਤੱਤਾਂ ਦਾ ਇਹ ਕਹਿਣਾ ਕਿ ’’ਅਸੀਂ ਜੋ ਸਿੱਖ ਸਾਮਰਾਜ 1849 ਵਿਚ ਇਸ ਤੋਂ ਗੁਆ ਦਿੱਤਾ ਸੀ ਉਹ ਵਾਪਸ ਮੰਗਦੇ ਹਾਂ’’। ਇਹ ਸੁਣਨ ਵਿਚ ਬੇਸ਼ੱਕ ਚੰਗਾ ਲਗ ਸਕਦਾ ਹੈ। ਪਰ ਮਨੋਨੀਤ ਖ਼ਾਲਿਸਤਾਨ ਬਣਨ ’ਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਤਖ਼ਤ ਸੱਚਖੰਡ ਨਾਂਦੇੜ ਅਤੇ ਹੋਰ ਅਨੇਕਾਂ ਇਤਿਹਾਸਕ ਗੁਰਦੁਆਰੇ ਖ਼ਾਲਿਸਤਾਨ ਤੋਂ ਬਾਹਰ ਰਹਿ ਜਾਣਗੇ ਦੇ ਬਾਰੇ ਕਹਿਣ ਲਈ ਉਨ੍ਹਾਂ ਕੋਲ ਕੁਝ ਵੀ ਠੋਸ ਨਹੀਂ। ਨਾ ਹੀ ਪਾਕਿਸਤਾਨ ਦੇ ਉਨ੍ਹਾਂ ਖੇਤਰਾਂ ਬਾਰੇ ਕੋਈ ਢੁਕਵਾਂ ਜਵਾਬ ਹੁੰਦਾ ਹੈ ਜਿਹੜੇ ਖੇਤਰ ਖ਼ਾਲਸਾ ਰਾਜ ਦੇ ਅਧੀਨ ਰਹੇ ਹਨ।
ਸਿੱਖ ਨੌਜਵਾਨਾਂ ਦੇ ਮਨਾਂ ਅੰਦਰ ਸਿੱਖ ਵੱਖਰੀ ਕੌਮ ਅਤੇ ਅੱਸੀ ਭਾਰਤੀ ਨਹੀਂ ਹਾਂ ਦੇ ਬਿਰਤਾਂਤ ਨੂੰ ਬਿਠਾਉਣ ਲਈ ਇਹਨਾਂ ਵੱਲੋਂ ਭਾਰਤੀ ਪਾਸਪੋਰਟ ਧਾਰਕ ਹੋਣ ਦੇ ਬਾਵਜੂਦ ਆਪਣੇ ਆਪ ਨੂੰ ’ਮੈਂ ਭਾਰਤੀ ਨਹੀਂ’ ਦਾ ਜੁਮਲਾ ਵੀ ਛੱਡਦਾ ਦੇਖਿਆ ਗਿਆ। ਇਹ ਲੋਕ ਆਪਣੇ ਆਪ ਨੂੰ ਸਿੱਖਾਂ ਦੇ ਮਸੀਹਾ ਵਜੋਂ ਪੇਸ਼ ਕਰਦੇ ਹਨ ਅਤੇ ਆਪਣੇ ਤਰੀਕੇ ਨਾਲ ਸਿੱਖ ਇਤਿਹਾਸ, ਸਭਿਆਚਾਰ ਅਤੇ ਨੈਤਿਕਤਾ ਦੀ ਵਿਆਖਿਆ ਕਰਦੇ ਹਨ। ਇਹ ਲੋਕ ਜਾਣਦੇ ਹਨ ਕਿ ਸਿੱਖੀ ਵਿਚ ਸ਼ਹੀਦੀ ਦਾ ਸੰਕਲਪ ਬਹੁਤ ਉੱਚਾ ਹੈ, ਇਹ ਲੋਕ ਨੌਜਵਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕੈਸ਼ ਕਰਦਿਆਂ ਧਰਮ ਨੂੰ ਅੱਗੇ ਲਾਉਂਦੇ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਅਤੇ ਸਿੱਖੀ ਰਵਾਇਤਾਂ ਤੋਂ ਅਣਜਾਣ ਜਿਸ ਨੂੰ ਦਿਲ ਕਰੇ ਉਸ ਨੂੰ ’ਕੌਮੀ ਸ਼ਹੀਦ’ ਦਾ ਦਰਜਾ ਦੇ ਕੇ ਸ਼ੁਗ਼ਲ ਕਰਦੇ ਹਨ।
ਆਈ ਐਸ ਆਈ ਪੰਜਾਬੀਆਂ ਦੀ ਗਤੀਸ਼ੀਲਤਾ ਅਤੇ ਬੇਮਿਸਾਲ ਊਰਜਾ ਤੋਂ ਜਾਣੂ ਹੈ। ਉਹ ਆਪਣੇ ਮਕਸਦ ਲਈ ਸਿੱਖ ਨੌਜਵਾਨਾਂ ਨੂੰ ਉਤੇਜਿਤ ਕਰਨ ਲਈ ਸਿੱਖਾਂ ਦੀ ਸ਼ਰਧਾ ਅਤੇ ਧਾਰਮਿਕ ਭਾਵਨਾਵਾਂ ਦੀ ਦੁਰਵਰਤੋਂ ਕਰਨਾ ਜਾਣਦਾ ਹੈ। ਉਹ ਖ਼ਾਲਿਸਤਾਨ ਨਾਲ ਹਮਦਰਦੀ ਰੱਖਣ ਵਾਲਿਆਂ ਅਤੇ ਗੈਗਸਟਰਾਂ ਨੂੰ ਬੜੇ ਸ਼ਾਤਰ ਤਰੀਕੇ ਨਾਲ ਮੋਹਰੇ ਵਾਂਗ ਇਸਤੇਮਾਲ ਕਰ ਰਿਹਾ ਹੈ। ਪੰਜਾਬ ਵਿਚ ਅਰਾਜਕਤਾ ਪੈਦਾ ਕਰਨ ਅਤੇ ਹਿੰਦੂ ਅਤੇ ਸਿੱਖਾਂ ਵਿਚ ਆਪਸੀ ਵਿਰੋਧ ਪੈਦਾ ਕਰਨ ਲਈ ਇਕ ਫਿਰਕੇ ਦੇ ਲੋਕਾਂ ਨੂੰ ਮਿੱਥ ਕੇ ਨਿਸ਼ਾਨਾ ਬਣਾ ਕੇ ਕਤਲ ਕਰਾਇਆ ਜਾ ਰਿਹਾ ਹੈ। ਬਦ-ਅਮਨੀ ਪੈਦਾ ਕਰਨ ਲਈ ਨੌਜਵਾਨੀ ਨੂੰ ਗੁਰੂ ਅਤੇ ਪੰਥ ਦੇ ਨਾਮ ਕੁਰਬਾਨੀ ਦੇਣ ਲਈ ਤਿਆਰ ਹੋਣ ਲਈ ਹਥਿਆਰਬੰਦ ਵਿਦਰੋਹ ਨੂੰ ਉਤੇਜਿਤ ਕਰ ਕੇ ਅਸਲ ਵਿਚ ਆਈਐਸਆਈ ਦੇ ਏਜੰਡੇ ਨੂੰ ਹੀ ਲੁਕਵੇਂ ਰੂਪ ਵਿਚ ਲਾਗੂ ਕਰ ਰਹੇ ਹਨ।
ਖ਼ਾਲਿਸਤਾਨ ਲਹਿਰ ਨੂੰ ਵਿਦੇਸ਼ਾਂ ਵਿਚ ਬੈਠੀਆਂ ਕੁਝ ਤਾਕਤਾਂ ਵੀ ਹਵਾ ਦੇ ਰਹੀਆਂ ਹਨ। ਆਈਐਸਆਈ ਦੇ ਸਮਰਥਨ ਨਾਲ ਅਮਰੀਕਾ ਤੋਂ ਸੰਚਾਲਿਤ ਸਿੱਖ ਫ਼ਾਰ ਜਸਟਿਸ ਨੇ ਹੁਣ ਤਕ ਅਮਰੀਕਾ ਕੈਨੇਡਾ, ਯੂ ਕੇ, ਇਟਲੀ, ਜਨੇਵਾ ਅਤੇ ਆਸਟ੍ਰੇਲੀਆ ਵਿਚ ਖ਼ਾਲਿਸਤਾਨ ਦੇ ਹੱਕ ਵਿਚ ਰੈਫਰੈਡਮ ਕਰਾਉਣ ਦਾ ਦਾਅਵਾ ਕੀਤਾ ਹੈ। ਉਹ ਪੰਜਾਬ ਦੀ ਧਰਤੀ ’ਤੇ ਖ਼ਾਲਿਸਤਾਨ ਬਣਾਉਣ ਦੀ ਗਲ ਕਰਦੇ ਹਨ ਪਰ ਨੌਜਵਾਨਾਂ ਨੂੰ ਗੁਮਰਾਹ ਕਰਨ ਲਈ ਵਿਦੇਸ਼ਾਂ ਵਿਚ ਰਾਏ-ਸ਼ੁਮਾਰੀ ਕਰਾਉਂਦੇ ਹਨ, ਜਿਸ ਦਾ ਪੰਜਾਬ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਹੈ। ਇਹ ਲੋਕ ਕਿਸੇ ਵੀ ਰੈਫਰੈਡਮ ’ਚ ਹਿੱਸਾ ਲੈਣ ਲਈ ਵੀਜ਼ੇ ਦਾ ਪ੍ਰਬੰਧ ਕਰ ਕੇ ਦੇਣ ਦਾ ਝਾਂਸਾ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਸੱਦਾ ਦੇਣ ਦਾ ਢੌਂਗ ਰਚਦੇ ਹਨ। ਪੰਜਾਬ ਦੇ ਕਈ ਭੋਲੇ ਭਾਲੇ ਨੌਜਵਾਨ ਉਨ੍ਹਾਂ ਦੇ ਝਾਂਸੇ ਵਿਚ ਆ ਵੀ ਜਾਂਦੇ ਹਨ। ਜਦ ਉਨ੍ਹਾਂ ਵੱਲੋਂ ਦਿੱਤੇ ਗਏ ਨੰਬਰ ’ਤੇ ਫ਼ੋਨ ਕਰਦੇ ਹਨ ਤਾਂ ਉਹ ਭਾਰਤੀ ਸੁਰੱਖਿਆ ਏਜੰਸੀਆਂ ਦੇ ਰਡਾਰ ’ਤੇ ਆ ਜਾਂਦੇ ਹਨ। ਪਰ ਇੱਥੇ ਇਹ ਗਲ ਕਹਿਣੀ ਕੁਥਾਂ ਨਹੀਂ ਹੋਵੇਗੀ ਕਿ ਪੰਜਾਬ ਦੇ ਨੌਜਵਾਨ ਦਲੇਰ ਹਨ, ਆਸ਼ਾਵਾਦੀ ਅਤੇ ਵਧੇਰੇ ਅਦਬ ਸਤਿਕਾਰ ਦੇ ਹੱਕਦਾਰ ਹਨ। ਜੇਕਰ ਕੋਈ ਵੀ ਨੌਜਵਾਨ ਭਟਕਣ ਦਾ ਸ਼ਿਕਾਰ ਹੋਇਆ ਹੈ ਤਾਂ ਵੀ ਉਹ ਸਾਡੇ ਆਪਣੇ ਹਨ, ਇਨ੍ਹਾਂ ਨੂੰ ਸਹੀ ਰਾਹ ’ਤੇ ਵਾਪਸ ਲਿਆਉਣ ਦੀ ਜ਼ਿੰਮੇਵਾਰੀ ਸਾਡੀ ਆਪਣੀ ਹੈ। ਇਸ ਪਾਸੇ ਤਵੱਜੋ ਦੇਣ ਦੀ ਲੋੜ ਹੈ।


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads